Saturday, April 23, 2011

ਮੇਰੇ ਗੀਤ ਜਿੰਦਾ ਰਹਿਣਗੇ, ਜਦ ਮੈਂ ਮਰ ਮੁੱਕ ਜਾਵਾਂਗਾ

ਮੇਰੇ ਗੀਤ ਜਿੰਦਾ ਰਹਿਣਗੇ, ਜਦ ਮੈਂ ਮਰ ਮੁੱਕ ਜਾਵਾਂਗਾ
ਇਹ ਤੇਰੀ ਹੀ ਗਾਥਾ ਕਹਿਣਗੇ, ਜਦ ਮੈਂ ਮਰ ਮੁੱਕ ਜਾਵਾਂਗਾ

ਇਹਨਾ ਗੀਤਾਂ ਚ ਤੇਰਾ ਰੰਗ ਹੈ, ਤੇਰੇ ਸਾਹਾਂ ਦੀ ਸੁਗੰਧ ਹੈ,
ਤੇਰੀ ਚਾਹ ਤੇ ਤੇਰੀ ਉਮੰਗ ਹੈ, ਜੀਵਨ ਦਾ ਹਰ ਇੱਕ ਰੰਗ ਹੈ
ਇਹ ਧੁਰ ਅੰਦਰ ਤੱਕ ਲਹਿਣਗੇ, ਇਹ ਤੇਰੀ ਹੀ ਗਾਥਾ ਕਹਿਣਗੇ
ਮੇਰੇ ਗੀਤ ਜਿੰਦਾ ਰਹਿਣਗੇ, ਜਦ ਮੈਂ ਮਰ ਮੁੱਕ ਜਾਵਾਂਗਾ

ਮੇਰੇ ਗੀਤ ਤੇਰਾ ਸਿਰਨਾਵਾਂ ਨੇੰ, ਤੇਰੇ ਵੱਲ ਜਾਂਦੀਆਂ ਰਾਹਵਾਂ ਨੇੰ
ਤੈਨੂ ਛੂ ਕੇ ਆਈਆਂ 'ਵਾਵਾਂ ਨੇੰ , ਇਕ ਬਿਰਖ ਦੀਆਂ ਇਹ ਛਾਵਾਂ ਨੇੰ
ਮਾਰੇ ਇਸ਼ਕ਼ ਦੇ ਜਿਥੇ ਬਹਿਣਗੇ, ਇਹ ਤੇਰੀ ਹੀ ਗਾਥਾ ਕਹਿਣਗੇ
ਮੇਰੇ ਗੀਤ ਜਿੰਦਾ ਰਹਿਣਗੇ, ਜਦ ਮੈਂ ਮਰ ਮੁੱਕ ਜਾਵਾਂਗਾ

ਮੇਰੇ ਗੀਤ ਤੇਰੀਆਂ ਬਾਤਾਂ ਨੇੰ, ਮੈਨੂੰ ਰੱਬ ਤੋਂ ਮਿਲੀਆਂ ਦਾਤਾਂ ਨੇੰ
ਤੇਰੇ ਦਰਦ ਦੀਆਂ ਸੁਗਾਤਾਂ ਨੇੰ, ਬੱਸ ਤੇਰਾ ਮੇਰਾ ਨਾਤਾ ਨੇੰ
ਇਹ ਨਾਤੇ ਦਾ ਸਚ ਹੀ ਰਹਿਣਗੇ, ਇਹ ਤੇਰੀ ਹੀ ਗਾਥਾ ਕਹਿਣਗੇ
ਮੇਰੇ ਗੀਤ ਜਿੰਦਾ ਰਹਿਣਗੇ, ਜਦ ਮੈਂ ਮਰ ਮੁੱਕ ਜਾਵਾਂਗਾ

ਮੇਰੇ ਗੀਤਾਂ ਦੀ ਰੋਂਦੀ ਅੱਖ ਹੈ, ਨਾ ਦੇਖੇ ਕੋਈ ਗੱਲ ਵੱਖ ਹੈ,
ਨਾਲ ਤੇਰੇ ਤਾਂ ਜੀਵਨ ਲੱਖ ਹੈ, ਬਾਝੋਂ ਤੇਰੇ ਜੀਵਨ ਕੱਖ ਹੈ
ਦਿਨ ਤਾਂ ਚੜ੍ਹਦੇ ਲਹਿੰਦੇ ਰਹਿਣਗੇ, ਇਹ ਤੇਰੀ ਹੀ ਗਾਥਾ ਕਹਿਣਗੇ
ਮੇਰੇ ਗੀਤ ਜਿੰਦਾ ਰਹਿਣਗੇ, ਜਦ ਮੈਂ ਮਰ ਮੁੱਕ ਜਾਵਾਂਗਾ
......................................................
ਗੁਰ ਕ੍ਰਿਪਾਲ ਸਿੰਘ ਅਸ਼ਕ
(ਕਰੀਬ ਤਿੰਨ ਹਫਤਿਆਂ ਬਾਅਦ ਅੱਜ ਕਰੀਬ ੧੧ ਵਜੇ ਪੂਰਾ ਹੋਇਆ)

Friday, April 15, 2011

ਹੁਣ ਮੈਂ ਕਿਸ ਲਈ ਗੀਤ ਲਿਖਾਂ

ਹੁਣ ਮੈਂ ਕਿਸ ਲਈ ਗੀਤ ਲਿਖਾਂ
ਬਿਨ ਤੇਰੇ ਕਿਸ ਨੂੰ ਮੀਤ ਲਿਖਾਂ

ਬਿਨ ਤੇਰੇ ਇਹ ਜੀਵਨ ਉਦਾਸ ਹੈ
ਬਿਨ ਤੇਰੇ ਮੌਸਮ ਨਾ ਰਾਸ ਹੈ
ਬਿਨ ਤੇਰੇ ਨਾ ਬੁਝਦੀ ਪਿਆਸ ਹੈ
ਬਿਨ ਤੇਰੇ ਇਹ ਜਿਓੰਦੀ ਲਾਸ਼ ਹੈ

ਬਿਨ ਤੇਰੇ ਮੈਂ ਕਿਸ ਨੂੰ ਪ੍ਰੀਤ ਲਿਖਾਂ
ਹੁਣ ਮੈਂ ਕਿਸ ਲਈ ਗੀਤ ਲਿਖਾਂ

ਬਿਨ ਤੇਰੇ ਸੂਰਜ ਨਾ ਚੰਦ ਹੈ
ਬਿਨ ਤੇਰੇ ਹਰ ਰਾਹ ਬੰਦ ਹੈ
ਬਿਨ ਤੇਰੇ ਜੀਣਾਂ ਦਵੰਦ ਹੈ
ਬਿਨ ਤੇਰੇ ਨਾ ਕੋਈ ਆਨੰਦ ਹੈ

ਬਿਨ ਤੇਰੇ ਕਿਸ ਨੂੰ ਦਿਲ ਜੀਤ ਲਿਖਾਂ
ਹੁਣ ਮੈਂ ਕਿਸ ਲਈ ਗੀਤ ਲਿਖਾਂ

ਬਿਨ ਤੇਰੇ ਮੈਂ ਜੀ ਕੇ ਕੀ ਕਰਾਂਗਾ
ਬਿਨ ਤੇਰੇ ਘੁਟ ਘੁਟ ਕੇ ਮਰਾਂਗਾ
ਬਿਨ ਤੇਰੇ ਦੁਖ੍ੜੇ ਹੀ ਜਰਾਂਗਾ
ਬਿਨ ਤੇਰੇ ਗਮ ਦਾ ਸਾਗਰ ਤਰਾਂਗਾ

ਬਿਨ ਤੇਰੇ ਕਿਸ ਨੂੰ ਮਨ ਮੀਤ ਲਿਖਾਂ
ਹੁਣ ਮੈਂ ਕਿਸ ਲਈ ਗੀਤ ਲਿਖਾਂ
--------------------------------
- ਗੁਰ ਕ੍ਰਿਪਾਲ ਸਿੰਘ ਅਸ਼ਕ
੧੨/੪/੧੧ (ਸ਼ਾਮੀਂ ਕਰੀਬ ੭.੩੦ ਵਜੇ)

Tuesday, April 12, 2011

ਮਜ਼ਬੂਰੀਆਂ

ਹੋਈਆਂ ਤੇਰੀਆਂ ਤੇ ਮੇਰੀਆਂ
ਜੋ ਦੂਰੀਆਂ
ਮੈਂ ਜਾਣਦਾ ਹਾਂ
ਤੇਰੀਆਂ ਮਜ਼ਬੂਰੀਆਂ .

ਜਿਸ ਜੱਗ ਤੋਂ ਤੂੰ
ਡਰ ਕੇ ਬਹਿ ਗਿਓਂ
ਉਸ ਜੱਗ ਨੇ ਨਾ ਪਾਈਆਂ
ਕਦੇ ਪੂਰੀਆਂ.
ਹੀਰ ਖੇੜੇ ਤੋਰੀ
ਰਾਂਝਾ ਜੋਗੀ ਹੋ ਗਿਆ
ਹੀਰ ਮਾਰ ਸੁੱਟੀ
ਕੁੱਟਦੀ ਸੀ ਜੋ ਚੂਰੀਆਂ.

ਨਾ ਕੋਈ ਜਾਣੇ ਇੱਥੇ
ਰਿਸ਼ਤੇ ਦੀ ਸੁੱਚ ਨੂੰ
ਝੂਠੀ ਅਣਖ ਦੇ ਨਾਂ ਤੇ
ਮੱਥੇ ਘੂਰੀਆਂ .

ਮੇਰਾ ਦਿਲ ਰੋਵੇ
ਅੱਖ ਸੁੱਕੀ ਦਿਸਦੀ
ਬਿਲ ਬੀਆਬਾਨ
ਸਧਰਾਂ ਅਧੂਰੀਆਂ .

ਜਾਹ ਸੁਖੀ ਵੱਸੇਂ
ਰੱਖੇ ਜਿਥੇ ਦੁਨੀਆਂ
ਮੈਂ ਜਾਣਦਾ ਹਾਂ
ਤੇਰੀਆਂ ਮਜ਼ਬੂਰੀਆਂ .

(੧੧/੪/੧੧ ਸ਼ਾਮੀਂ ਕਰੀਬ ੭ ਵਜੇ)

Tuesday, April 5, 2011

ਇਸ਼ਕ਼ ਦਾ ਇਨਾਮ

ਹੁਣ ਜ਼ਹਿਰ ਦੇ ਜਾਂ ਜਾਮ ਦੇ
ਕਿਓਂ ਹੈਂ ਖਾਮੋਸ਼ ਦੋਸਤਾ
ਕੋਈ ਇਸ਼ਕ਼ ਦਾ ਇਨਾਮ ਦੇ

ਮੇਰੀ ਚਾਹਤ ਦੋਸ਼ ਹੈ ਜੇ ਮੇਰਾ
ਮੈਨੂੰ ਬਖਸ਼ ਨਾ ਪਲ ਭਰ ਲਈ
ਮੈਨੂੰ ਚਾੜ੍ਹ ਸੂਲੀ, ਮੈਨੂੰ ਮੌਤ ਦੇ
ਮਰੀ ਚਾਹਤ ਨੂੰ ਸਨਮਾਨ ਦੇ

ਕਿਓਂ ਹੈਂ ਖਾਮੋਸ਼ ਦੋਸਤਾ
ਕੋਈ ਇਸ਼ਕ਼ ਦਾ ਇਨਾਮ ਦੇ

ਮੇਰੀ ਚਾਹਤ ਤੇ ਮੇਰਾ ਵੱਸ ਨਹੀਂ
ਨਾ ਚਾਹੁਣਾ ਤਾਂ ਤੇਰੇ ਵੱਸ ਹੈ
ਜੋ ਹੈ ਵੱਸ ਤੇਰੇ ਓਹ ਕਰ ਪੂਰਾ
ਧਰ ਮੇਰੇ ਸਿਰ ਕੋਈ ਇਲ੍ਜ਼ਾਮ ਦੇ

ਕਿਓਂ ਹੈਂ ਖਾਮੋਸ਼ ਦੋਸਤਾ
ਕੋਈ ਇਸ਼ਕ਼ ਦਾ ਇਨਾਮ ਦੇ

ਬਿਨ ਬੋਲਿਆਂ ਸਭ ਕੁਝ ਜਾਣਦੈਂ
ਮੇਰੇ ਬੋਲ ਤਾਂ ਖਾਮੋਸ਼ ਨੇਂ
ਮੇਰੇ ਦਿਲ ਦੀ ਹੂਕ਼ ਨੂੰ ਸੁਣ ਜਰਾ
ਮੈਨੂ ਦਰਦਾਂ ਦਾ ਕੁੱਝ ਦਾਨ ਦੇ

ਕਿਓਂ ਹੈਂ ਖਾਮੋਸ਼ ਦੋਸਤਾ
ਕੋਈ ਇਸ਼ਕ਼ ਦਾ ਇਨਾਮ ਦੇ

ਅੱਗ ਵਾਂਗ ਸੁੱਚਾ ਇਸ਼ਕ਼ ਹੈ
ਇਸ ਦਾ ਸੇਕ ਡਾਢਾ ਅਜੀਬ ਹੈ
ਸੇਕ ਮੇਰੇ ਲਈ ਤੇਰੇ ਲਈ ਸੀਤ ਹੈ
ਇਸ ਦੀ ਫਿਤਰਤ ਨੂੰ ਕੁੱਝ ਮਾਨ ਦੇ

ਕਿਓਂ ਹੈਂ ਖਾਮੋਸ਼ ਦੋਸਤਾ
ਕੋਈ ਇਸ਼ਕ਼ ਦਾ ਇਨਾਮ ਦੇ

ਤੇਰਾ ਦਿਲ ਜੇ ਕਿਧਰੋਂ ਵੀ ਮੋਮ ਹੈ
ਮੇਰੀ ਰੂਹ ਨੂੰ ਜਰਾ ਤਸਕੀਨ ਦੇ
ਮੈਂ ਨਹੀਂ ਮੰਗਦਾ ਕੋਈ ਹ੍ਕ਼ੂਮਤਾਂ
ਬੱਸ ਗੀਤ ਮੈਨੂੰ ਇੱਕ ਗਾਣ ਦੇ

ਕਿਓਂ ਹੈਂ ਖਾਮੋਸ਼ ਦੋਸਤਾ
ਕੋਈ ਇਸ਼ਕ਼ ਦਾ ਇਨਾਮ ਦੇ

ਹੁਣ ਜ਼ਹਿਰ ਦੇ ਜਾਂ ਜਾਮ ਦੇ
ਕੋਈ ਇਸ਼ਕ਼ ਦਾ ਇਨਾਮ ਦੇ
--------------------------------------
- ਗੁਰ ਕ੍ਰਿਪਾਲ ਸਿੰਘ ਅਸ਼ਕ (੩/੪/੧੧ ਰਾਤੀਂ ਕਰੀਬ ੯ ਵਜੇ )






ਰਿਸ਼ਤਾ

ਤੇਰਾ ਮੇਰਾ ਕੋਈ ਰਿਸ਼ਤਾ ਨਹੀਂ ਹੈ

ਰਿਸ਼ਤਾ ਜੋ ਇਕ ਮੋਹਰ ਵਾਂਗ ਹੁੰਦਾ ਹੈ

ਇਸ ਦੁਨੀਆਂ ਅੰਦਰ

ਕਿਸੇ ਨੂੰ ਆਪਣਾ ਕਹਿਣ ਅਤੇ ਕਹਾਵਣ ਲਈ

ਪਰ ਤੇਰੇ ਤਾਂ ਮੇਰੇ ਕੋਲ ਤਾਂ

ਕੋਈ ਮੋਹਰ ਨਹੀਂ ਹੈ

ਹਰ ਰਿਸ਼ਤਾ ਕਿਸੇ ਨਾ ਕਿਸੇ

ਨਾਂ ਦਾ ਮੁਹਤਾਜ ਹੁੰਦਾ ਹੈ

ਪਰ ਤੇਰੇ ਅਤੇ ਮੇਰੇ ਰਿਸ਼ਤੇ ਦਾ ਕੋਈ ਨਾਂ ਨਹੀਂ ਹੈ

ਇਸੇ ਲਈ ਤਾਂ

ਤੇਰਾ ਤੇ ਮੇਰਾ ਕੋਈ ਰਿਸ਼ਤਾ ਨਹੀਂ ਹੈ

ਬਹੁਤ ਸਾਰੇ ਰਿਸ਼ਤੇ

ਅਸੀਂ ਬੋਝ ਵਾਂਗ ਢੋਂਦੇ ਹਾਂ

ਨਾ ਚਾਹੁੰਦਿਆਂ ਹੋਏ ਵੀ

ਇਸ ਬੋਝ ਨੂੰ ਅਸੀਂ

ਰਿਸ਼ਤਿਆਂ ਦਾ ਨਾ ਦੇ ਕੇ

ਦਿਨ ਕਟੀ ਕਰਦੇ ਹਾਂ

ਪਰ ਜੀਣਾ ਤਾਂ ਜੀਣਾ ਹੁੰਦਾ ਹੈ

ਦਿਨ ਕਟੀ ਨਹੀਂ ਕਰਨਾ

ਇਸੇ ਲਈ ਤਾਂ

ਤੇਰਾ ਤੇ ਮੇਰਾ ਕੋਈ ਰਿਸ਼ਤਾ ਨਹੀਂ ਹੈ

ਤੇਰਾ ਤੇ ਮੇਰਾ ਰਿਸ਼ਤਾ ਤਾਂ

ਬਸ ਸਾਹਵਾਂ ਦਾ ਰਿਸ਼ਤਾ ਹੀ ਹੈ

ਮੇਰੇ ਸਾਹ ਤੇਰੇ ਵਿਚ ਹਨ

ਤੇ ਤੇਰੇ ਸਾਹ ਮੇਰੇ ਵਿਚ

ਪਰ ਸਾਹਾਂ ਤੇ ਵੀ

ਕੌਣ ਭਰੋਸਾ ਕਰਦਾ ਹੈ

ਇਸੇ ਲਈ ਤਾਂ ਸ਼ਾਇਦ

ਤੇਰਾ ਤੇ ਮੇਰਾ ਕੋਈ ਰਿਸ਼ਤਾ ਨਹੀਂ ਹੈ

------------------------------------

ਗੁਰ ਕ੍ਰਿਪਾਲ ਸਿੰਘ ਅਸ਼ਕ (੩੧/੩/੨੦੧੧)

ਆਸ ਦਾ ਪੰਛੀ

ਆਸ ਦਾ ਪੰਛੀ

ਤੇਰੇ ਮੁੱਕਰਰ ਸਮੇ ਤੇ

ਹੁਣ ਮੇਰੇ ਦੋਸਤਾ

ਮੇਰੇ ਫੋਨ ਤੇ ਕੋਈ ਰਿੰਗਟੋਨ ਨਹੀਂ ਵੱਜਦੀ

ਤੇ ਨਾ ਹੀ ਜੇਬ ਵਿਚ ਪਏ ਇਸ ਆਸ ਦੇ ਪੰਛੀ ਦੇ ਚੇਹਰੇ ਤੇ

ਤੇਰੀ ਤਸਵੀਰ ਉਭਰਦੀ ਹੈ

ਤੇ ਨਾ ਹੀ ਇਸ ਵਿਚ ਜੀਵਨ ਦੀ

ਕੋਈ ਥਰਥਾਰਾਹਟ ਜਿਹੀ ਹੁੰਦੀ .

ਤੇਰੇ ਮੁੱਕਰਰ ਸਮੇ ਤੋਂ

ਬਹੁਤ ਚਿਰ ਪਹਿਲਾਂ ਹੀ

ਮੇਰੇ ਸਾਹ ਤੇਜ਼ ਹੋਣ ਲਗਦੇ ਨੇ

ਹੁੰਦੀ ਹੈ ਤੇਜ਼ ਦਿਲ ਦੀ ਧੱਕ ਧੱਕ

ਮੈਂ ਸੋਚਦਾ ਹਨ ਕੀ ਕਰਾਂਗਾ ਅੱਜ

ਲੱਖਾਂ ਸ਼ਿਕਵੇ ਤੇ ਸ਼ਿਕਾਇਤਾਂ

ਮੈਂ ਰੁਸਾਂਗਾ ਨਾਲ ਤੇਰੇ

ਤੂੰ ਮਨਾਏਂਗਾ ਜਰੂਰ ਮੈਨੂੰ

ਦੱਸ ਮਜ਼ਬੂਰੀਆਂ ਆਪਣੀਆਂ

ਚੁੱਪ ਕਰਾਏਂਗਾ ਤੂੰ ਮੈਨੂੰ.

ਸਮਾ ਆਪਣੀ ਰਫਤਾਰ ਤੇ ਤੁਰਦਾ

ਤੁਰਦਾ ਹੀ ਚਲਾ ਜਾਂਦੈ

ਪਲ ਪਲ ਦਾ ਕਰਦਾ ਮੈਂ ਇੰਤਜ਼ਾਰ

ਉਦਾਸੀ ਚ ਡੁੱਬ ਜਾਂਦੈ

ਕਾਲੀ ਰਾਤ ਵਰਗੀ ਉਦਾਸੀ

ਅੱਖਾਂ ਚੋਂ ਨੀਦ ਹੈ ਲੈ ਜਾਂਦੀ

ਮੈਂ ਸਾਰੀ ਰਾਤ ਮਨ ਨੂੰ ਸਮਝਾਉਦੈਂ

ਕਿ ਤੇਰੀ ਰਹੀ ਹੋਣੀ ਐਂ ਕੋਈ ਮਜ਼ਬੂਰੀ

ਮੈਂ ਆਖਦਾ ਹਾਂ ਉਸ ਨੂੰ

ਕਿ ਕਲ ਸਵੇਰਾ ਫਿਰ ਚੜ੍ਹੇਗਾ

ਤੇਰੇ ਮੁੱਕਰਰ ਸਮੇ ਤੇ

ਤੇਰੀ ਆਵਾਜ਼ ਗੂੰਜੇਗੀ

ਪਰ ਅਜੇਹਾ ਹੁਣ ਨਹੀਂ ਹੁੰਦਾ

ਪਤਾ ਨਹੀਂ ਕਿਓੰ ਨਹੀਂ ਹੁੰਦਾ ?

ਮੇਰੇ ਦੋਸਤਾ ਤੂੰ ਤਾਂ ਖੁਦ ਹੀ ਆਖਦਾ ਸੈਂ

ਕਿ ਪਿਆਰ ਇੱਕ ਤਰਫ਼ਾ ਹੋ ਸਕਦੈ

ਦੋਸਤੀ ਇੱਕ ਤਰਫ਼ਾ ਨਹੀਂ ਹੁੰਦੀ

ਮੈਂ ਤਾਂ ਦੋਸਤੀ ਨੂੰ ਹੀ ਮੰਨਦੈਂ

ਹੋਰਨਾ ਰਿਸ਼ਤਿਆਂ ਤੋਂ ਕੀਤੇ ਊਚਾ

ਪਰ ਨਿਘੀਆਂ ਗਲਵਕੜੀਆਂ, ਮਿੱਠੇ ਚੁੰਮਣਾ

ਤੇ ਸੁੱਚਿਆਂ ਬੋਲਾਂ ਦੇ ਬਾਵਜੂਦ

ਤੇਰੇ ਮੁੱਕਰਰ ਸਮੇ ਤੇ

ਹੁਣ ਇਸ ਫੋਨ ਤੇ ਰਿੰਗਟੋਨ ਕਿਓੰ ਨਹੀਂ ਵੱਜਦੀ ?

ਕਿਓੰ ਨਹੀਂ ਇਸ ਤੇ ਤਰੀ ਤਸਵੀਰ ਉਭਰਦੀ ?

ਕਿਓੰ ਨਹੀਂ ਇਸ 'ਚ ਥਰਥਰਾਹਟ ਹੁੰਦੀ ?

ਕਿਓੰ ਨਹੀਂ ਆਖ ਦਿੰਦਾ ਮੇਰੇ ਦੋਸਤਾ

ਕਿ ਦੋਸਤੀ ਕੋਈ ਚੀਜ਼ ਨਹੀਂ ਹੁੰਦੀ

ਸਾਹਾਂ 'ਚ ਸਾਹ ਲੈ ਕੇ ਜੀਣ ਜਿਹੀ

ਕੋਈ ਗੱਲ ਨਹੀਂ ਹੁੰਦੀ

ਦੋਸਤੀ ਤਾਂ ਬੱਸ ਰਸਮੀ ਜਿਹਾ ਰਿਸ਼੍ਤੈ

ਆਖਰੀ ਸਾਹਾਂ ਤੱਕ ਸਾਹ ਨਿਭਾਵਣ ਦੀ

ਕੋਈ ਗੱਲ ਨਹੀਂ ਹੁੰਦੀ .

ਇਹ ਤੇਰਾ ਸੱਚ ਹੋ ਸਕਦੈ

ਇਹ ਮੇਰਾ ਸੱਚ ਨਹੀਂ ਹੈ

ਮੇਰੇ ਲਈ ਤਾਂ ਦੋਸਤੀ ਹੈ ਸਾਹਾਂ 'ਚ ਸਾਹ ਲੈਣ ਦਾ ਨਾਂ

ਯਾਰ ਦੀ ਯਾਰੀ ਤੋਂ ਸਭ ਕੁੱਝ ਲੁਟਾਵ੍ਣ ਅਤੇ

ਯਾਰ ਦੀ ਯਾਰੀ ਤੋਂ ਮਰ ਮਿਟ ਜਾਵਣ ਦਾ ਨਾਂ

ਕਿਓਂਕਿ ਦੋਸਤੀ ਨਾਂ ਉਮਰਾਂ ਤੇ ਨਾਂ ਜਾਤਾਂ ਦੀ

ਅਤੇ ਨਾ ਹੀ ਕਦੇ ਰੁਤਬਿਆਂ ਦੀ

ਮੁਹਤਾਜ ਹੈ ਹੁੰਦੀ.

ਬੱਸ ਤੂੰ ਇੰਨਾ ਹੀ ਆਖਦੇ ਮੇਰੇ ਦੋਸਤਾ

ਕਿ ਤੇਰੇ ਕੋਲ ਬੈਲੈਂਸ ਨਹੀਂ ਹੈ

ਮੈਂ ਸਮਝ ਲਵਾਂਗਾ ਕਿ

ਤੇਰੇ ਮੁੱਕਰਰ ਸਮੇ ਤੇ

ਹੁਣ ਮੇਰੇ ਫੋਨ ਤੇ ਕਦੇ ਰਿੰਗਟੋਨ ਨਹੀਂ ਵੱਜੇਗੀ

ਨਾ ਹੀ ਇਸ ਤੇ ਕਦੇ ਤੇਰੀ ਤਸਵੀਰ ਉਭਰੇਗੀ

ਅਤੇ ਨਾ ਹੀ ਆਸ ਦਾ ਇਹ ਪੰਛੀ

ਕਦੇ ਵੀ ਥਰਥਰਾਏਗਾ.

----------------------------

- ਗੁਰ ਕ੍ਰਿਪਾਲ ਸਿੰਘ ਅਸ਼ਕ (੨੭/੩/੧੧, ਸ਼ਾਮੀ ੮.੪੫ ਵਜੇ)