ਤੇਰਾ ਮੇਰਾ ਕੋਈ ਰਿਸ਼ਤਾ ਨਹੀਂ ਹੈ
ਰਿਸ਼ਤਾ ਜੋ ਇਕ ਮੋਹਰ ਵਾਂਗ ਹੁੰਦਾ ਹੈ
ਇਸ ਦੁਨੀਆਂ ਅੰਦਰ
ਕਿਸੇ ਨੂੰ ਆਪਣਾ ਕਹਿਣ ਅਤੇ ਕਹਾਵਣ ਲਈ
ਪਰ ਤੇਰੇ ਤਾਂ ਮੇਰੇ ਕੋਲ ਤਾਂ
ਕੋਈ ਮੋਹਰ ਨਹੀਂ ਹੈ
ਹਰ ਰਿਸ਼ਤਾ ਕਿਸੇ ਨਾ ਕਿਸੇ
ਨਾਂ ਦਾ ਮੁਹਤਾਜ ਹੁੰਦਾ ਹੈ
ਪਰ ਤੇਰੇ ਅਤੇ ਮੇਰੇ ਰਿਸ਼ਤੇ ਦਾ ਕੋਈ ਨਾਂ ਨਹੀਂ ਹੈ
ਇਸੇ ਲਈ ਤਾਂ
ਤੇਰਾ ਤੇ ਮੇਰਾ ਕੋਈ ਰਿਸ਼ਤਾ ਨਹੀਂ ਹੈ
ਬਹੁਤ ਸਾਰੇ ਰਿਸ਼ਤੇ
ਅਸੀਂ ਬੋਝ ਵਾਂਗ ਢੋਂਦੇ ਹਾਂ
ਨਾ ਚਾਹੁੰਦਿਆਂ ਹੋਏ ਵੀ
ਇਸ ਬੋਝ ਨੂੰ ਅਸੀਂ
ਰਿਸ਼ਤਿਆਂ ਦਾ ਨਾ ਦੇ ਕੇ
ਦਿਨ ਕਟੀ ਕਰਦੇ ਹਾਂ
ਪਰ ਜੀਣਾ ਤਾਂ ਜੀਣਾ ਹੁੰਦਾ ਹੈ
ਦਿਨ ਕਟੀ ਨਹੀਂ ਕਰਨਾ
ਇਸੇ ਲਈ ਤਾਂ
ਤੇਰਾ ਤੇ ਮੇਰਾ ਕੋਈ ਰਿਸ਼ਤਾ ਨਹੀਂ ਹੈ
ਤੇਰਾ ਤੇ ਮੇਰਾ ਰਿਸ਼ਤਾ ਤਾਂ
ਬਸ ਸਾਹਵਾਂ ਦਾ ਰਿਸ਼ਤਾ ਹੀ ਹੈ
ਮੇਰੇ ਸਾਹ ਤੇਰੇ ਵਿਚ ਹਨ
ਤੇ ਤੇਰੇ ਸਾਹ ਮੇਰੇ ਵਿਚ
ਪਰ ਸਾਹਾਂ ਤੇ ਵੀ
ਕੌਣ ਭਰੋਸਾ ਕਰਦਾ ਹੈ
ਇਸੇ ਲਈ ਤਾਂ ਸ਼ਾਇਦ
ਤੇਰਾ ਤੇ ਮੇਰਾ ਕੋਈ ਰਿਸ਼ਤਾ ਨਹੀਂ ਹੈ
------------------------------------
ਗੁਰ ਕ੍ਰਿਪਾਲ ਸਿੰਘ ਅਸ਼ਕ (੩੧/੩/੨੦੧੧)
No comments:
Post a Comment