ਇਹ ਤੇਰੀ ਹੀ ਗਾਥਾ ਕਹਿਣਗੇ, ਜਦ ਮੈਂ ਮਰ ਮੁੱਕ ਜਾਵਾਂਗਾ
ਇਹਨਾ ਗੀਤਾਂ ਚ ਤੇਰਾ ਰੰਗ ਹੈ, ਤੇਰੇ ਸਾਹਾਂ ਦੀ ਸੁਗੰਧ ਹੈ,
ਤੇਰੀ ਚਾਹ ਤੇ ਤੇਰੀ ਉਮੰਗ ਹੈ, ਜੀਵਨ ਦਾ ਹਰ ਇੱਕ ਰੰਗ ਹੈ
ਇਹ ਧੁਰ ਅੰਦਰ ਤੱਕ ਲਹਿਣਗੇ, ਇਹ ਤੇਰੀ ਹੀ ਗਾਥਾ ਕਹਿਣਗੇ
ਮੇਰੇ ਗੀਤ ਜਿੰਦਾ ਰਹਿਣਗੇ, ਜਦ ਮੈਂ ਮਰ ਮੁੱਕ ਜਾਵਾਂਗਾ
ਮੇਰੇ ਗੀਤ ਤੇਰਾ ਸਿਰਨਾਵਾਂ ਨੇੰ, ਤੇਰੇ ਵੱਲ ਜਾਂਦੀਆਂ ਰਾਹਵਾਂ ਨੇੰ
ਤੈਨੂ ਛੂ ਕੇ ਆਈਆਂ 'ਵਾਵਾਂ ਨੇੰ , ਇਕ ਬਿਰਖ ਦੀਆਂ ਇਹ ਛਾਵਾਂ ਨੇੰ
ਮਾਰੇ ਇਸ਼ਕ਼ ਦੇ ਜਿਥੇ ਬਹਿਣਗੇ, ਇਹ ਤੇਰੀ ਹੀ ਗਾਥਾ ਕਹਿਣਗੇ
ਮੇਰੇ ਗੀਤ ਜਿੰਦਾ ਰਹਿਣਗੇ, ਜਦ ਮੈਂ ਮਰ ਮੁੱਕ ਜਾਵਾਂਗਾ
ਮੇਰੇ ਗੀਤ ਤੇਰੀਆਂ ਬਾਤਾਂ ਨੇੰ, ਮੈਨੂੰ ਰੱਬ ਤੋਂ ਮਿਲੀਆਂ ਦਾਤਾਂ ਨੇੰ
ਤੇਰੇ ਦਰਦ ਦੀਆਂ ਸੁਗਾਤਾਂ ਨੇੰ, ਬੱਸ ਤੇਰਾ ਮੇਰਾ ਨਾਤਾ ਨੇੰ
ਇਹ ਨਾਤੇ ਦਾ ਸਚ ਹੀ ਰਹਿਣਗੇ, ਇਹ ਤੇਰੀ ਹੀ ਗਾਥਾ ਕਹਿਣਗੇ
ਮੇਰੇ ਗੀਤ ਜਿੰਦਾ ਰਹਿਣਗੇ, ਜਦ ਮੈਂ ਮਰ ਮੁੱਕ ਜਾਵਾਂਗਾ
ਮੇਰੇ ਗੀਤਾਂ ਦੀ ਰੋਂਦੀ ਅੱਖ ਹੈ, ਨਾ ਦੇਖੇ ਕੋਈ ਗੱਲ ਵੱਖ ਹੈ,
ਨਾਲ ਤੇਰੇ ਤਾਂ ਜੀਵਨ ਲੱਖ ਹੈ, ਬਾਝੋਂ ਤੇਰੇ ਜੀਵਨ ਕੱਖ ਹੈ
ਦਿਨ ਤਾਂ ਚੜ੍ਹਦੇ ਲਹਿੰਦੇ ਰਹਿਣਗੇ, ਇਹ ਤੇਰੀ ਹੀ ਗਾਥਾ ਕਹਿਣਗੇ
ਮੇਰੇ ਗੀਤ ਜਿੰਦਾ ਰਹਿਣਗੇ, ਜਦ ਮੈਂ ਮਰ ਮੁੱਕ ਜਾਵਾਂਗਾ
......................................................
ਗੁਰ ਕ੍ਰਿਪਾਲ ਸਿੰਘ ਅਸ਼ਕ
(ਕਰੀਬ ਤਿੰਨ ਹਫਤਿਆਂ ਬਾਅਦ ਅੱਜ ਕਰੀਬ ੧੧ ਵਜੇ ਪੂਰਾ ਹੋਇਆ)
No comments:
Post a Comment