ਆਸ ਦਾ ਪੰਛੀ
ਤੇਰੇ ਮੁੱਕਰਰ ਸਮੇ ਤੇ
ਹੁਣ ਮੇਰੇ ਦੋਸਤਾ
ਮੇਰੇ ਫੋਨ ਤੇ ਕੋਈ ਰਿੰਗਟੋਨ ਨਹੀਂ ਵੱਜਦੀ
ਤੇ ਨਾ ਹੀ ਜੇਬ ਵਿਚ ਪਏ ਇਸ ਆਸ ਦੇ ਪੰਛੀ ਦੇ ਚੇਹਰੇ ਤੇ
ਤੇਰੀ ਤਸਵੀਰ ਉਭਰਦੀ ਹੈ
ਤੇ ਨਾ ਹੀ ਇਸ ਵਿਚ ਜੀਵਨ ਦੀ
ਕੋਈ ਥਰਥਾਰਾਹਟ ਜਿਹੀ ਹੁੰਦੀ .
ਤੇਰੇ ਮੁੱਕਰਰ ਸਮੇ ਤੋਂ
ਬਹੁਤ ਚਿਰ ਪਹਿਲਾਂ ਹੀ
ਮੇਰੇ ਸਾਹ ਤੇਜ਼ ਹੋਣ ਲਗਦੇ ਨੇ
ਹੁੰਦੀ ਹੈ ਤੇਜ਼ ਦਿਲ ਦੀ ਧੱਕ ਧੱਕ
ਮੈਂ ਸੋਚਦਾ ਹਨ ਕੀ ਕਰਾਂਗਾ ਅੱਜ
ਲੱਖਾਂ ਸ਼ਿਕਵੇ ਤੇ ਸ਼ਿਕਾਇਤਾਂ
ਮੈਂ ਰੁਸਾਂਗਾ ਨਾਲ ਤੇਰੇ
ਤੂੰ ਮਨਾਏਂਗਾ ਜਰੂਰ ਮੈਨੂੰ
ਦੱਸ ਮਜ਼ਬੂਰੀਆਂ ਆਪਣੀਆਂ
ਚੁੱਪ ਕਰਾਏਂਗਾ ਤੂੰ ਮੈਨੂੰ.
ਸਮਾ ਆਪਣੀ ਰਫਤਾਰ ਤੇ ਤੁਰਦਾ
ਤੁਰਦਾ ਹੀ ਚਲਾ ਜਾਂਦੈ
ਪਲ ਪਲ ਦਾ ਕਰਦਾ ਮੈਂ ਇੰਤਜ਼ਾਰ
ਉਦਾਸੀ ਚ ਡੁੱਬ ਜਾਂਦੈ
ਕਾਲੀ ਰਾਤ ਵਰਗੀ ਉਦਾਸੀ
ਅੱਖਾਂ ਚੋਂ ਨੀਦ ਹੈ ਲੈ ਜਾਂਦੀ
ਮੈਂ ਸਾਰੀ ਰਾਤ ਮਨ ਨੂੰ ਸਮਝਾਉਦੈਂ
ਕਿ ਤੇਰੀ ਰਹੀ ਹੋਣੀ ਐਂ ਕੋਈ ਮਜ਼ਬੂਰੀ
ਮੈਂ ਆਖਦਾ ਹਾਂ ਉਸ ਨੂੰ
ਕਿ ਕਲ ਸਵੇਰਾ ਫਿਰ ਚੜ੍ਹੇਗਾ
ਤੇਰੇ ਮੁੱਕਰਰ ਸਮੇ ਤੇ
ਤੇਰੀ ਆਵਾਜ਼ ਗੂੰਜੇਗੀ
ਪਰ ਅਜੇਹਾ ਹੁਣ ਨਹੀਂ ਹੁੰਦਾ
ਪਤਾ ਨਹੀਂ ਕਿਓੰ ਨਹੀਂ ਹੁੰਦਾ ?
ਮੇਰੇ ਦੋਸਤਾ ਤੂੰ ਤਾਂ ਖੁਦ ਹੀ ਆਖਦਾ ਸੈਂ
ਕਿ ਪਿਆਰ ਇੱਕ ਤਰਫ਼ਾ ਹੋ ਸਕਦੈ
ਦੋਸਤੀ ਇੱਕ ਤਰਫ਼ਾ ਨਹੀਂ ਹੁੰਦੀ
ਮੈਂ ਤਾਂ ਦੋਸਤੀ ਨੂੰ ਹੀ ਮੰਨਦੈਂ
ਹੋਰਨਾ ਰਿਸ਼ਤਿਆਂ ਤੋਂ ਕੀਤੇ ਊਚਾ
ਪਰ ਨਿਘੀਆਂ ਗਲਵਕੜੀਆਂ, ਮਿੱਠੇ ਚੁੰਮਣਾ
ਤੇ ਸੁੱਚਿਆਂ ਬੋਲਾਂ ਦੇ ਬਾਵਜੂਦ
ਤੇਰੇ ਮੁੱਕਰਰ ਸਮੇ ਤੇ
ਹੁਣ ਇਸ ਫੋਨ ਤੇ ਰਿੰਗਟੋਨ ਕਿਓੰ ਨਹੀਂ ਵੱਜਦੀ ?
ਕਿਓੰ ਨਹੀਂ ਇਸ ਤੇ ਤਰੀ ਤਸਵੀਰ ਉਭਰਦੀ ?
ਕਿਓੰ ਨਹੀਂ ਇਸ 'ਚ ਥਰਥਰਾਹਟ ਹੁੰਦੀ ?
ਕਿਓੰ ਨਹੀਂ ਆਖ ਦਿੰਦਾ ਮੇਰੇ ਦੋਸਤਾ
ਕਿ ਦੋਸਤੀ ਕੋਈ ਚੀਜ਼ ਨਹੀਂ ਹੁੰਦੀ
ਸਾਹਾਂ 'ਚ ਸਾਹ ਲੈ ਕੇ ਜੀਣ ਜਿਹੀ
ਕੋਈ ਗੱਲ ਨਹੀਂ ਹੁੰਦੀ
ਦੋਸਤੀ ਤਾਂ ਬੱਸ ਰਸਮੀ ਜਿਹਾ ਰਿਸ਼੍ਤੈ
ਆਖਰੀ ਸਾਹਾਂ ਤੱਕ ਸਾਹ ਨਿਭਾਵਣ ਦੀ
ਕੋਈ ਗੱਲ ਨਹੀਂ ਹੁੰਦੀ .
ਇਹ ਤੇਰਾ ਸੱਚ ਹੋ ਸਕਦੈ
ਇਹ ਮੇਰਾ ਸੱਚ ਨਹੀਂ ਹੈ
ਮੇਰੇ ਲਈ ਤਾਂ ਦੋਸਤੀ ਹੈ ਸਾਹਾਂ 'ਚ ਸਾਹ ਲੈਣ ਦਾ ਨਾਂ
ਯਾਰ ਦੀ ਯਾਰੀ ਤੋਂ ਸਭ ਕੁੱਝ ਲੁਟਾਵ੍ਣ ਅਤੇ
ਯਾਰ ਦੀ ਯਾਰੀ ਤੋਂ ਮਰ ਮਿਟ ਜਾਵਣ ਦਾ ਨਾਂ
ਕਿਓਂਕਿ ਦੋਸਤੀ ਨਾਂ ਉਮਰਾਂ ਤੇ ਨਾਂ ਜਾਤਾਂ ਦੀ
ਅਤੇ ਨਾ ਹੀ ਕਦੇ ਰੁਤਬਿਆਂ ਦੀ
ਮੁਹਤਾਜ ਹੈ ਹੁੰਦੀ.
ਬੱਸ ਤੂੰ ਇੰਨਾ ਹੀ ਆਖਦੇ ਮੇਰੇ ਦੋਸਤਾ
ਕਿ ਤੇਰੇ ਕੋਲ ਬੈਲੈਂਸ ਨਹੀਂ ਹੈ
ਮੈਂ ਸਮਝ ਲਵਾਂਗਾ ਕਿ
ਤੇਰੇ ਮੁੱਕਰਰ ਸਮੇ ਤੇ
ਹੁਣ ਮੇਰੇ ਫੋਨ ਤੇ ਕਦੇ ਰਿੰਗਟੋਨ ਨਹੀਂ ਵੱਜੇਗੀ
ਨਾ ਹੀ ਇਸ ਤੇ ਕਦੇ ਤੇਰੀ ਤਸਵੀਰ ਉਭਰੇਗੀ
ਅਤੇ ਨਾ ਹੀ ਆਸ ਦਾ ਇਹ ਪੰਛੀ
ਕਦੇ ਵੀ ਥਰਥਰਾਏਗਾ.
----------------------------
- ਗੁਰ ਕ੍ਰਿਪਾਲ ਸਿੰਘ ਅਸ਼ਕ (੨੭/੩/੧੧, ਸ਼ਾਮੀ ੮.੪੫ ਵਜੇ)
No comments:
Post a Comment